top of page

ਇਟਲੀ ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਮੌਤ, ਜਿਨਸੀ ਛੇੜਛਾੜ ਦੇ ਦੋਸ਼ਾਂ ਮਗਰੋਂ ਕੀਤਾ ਗਿਆ ਸੀ ਗ੍ਰਿਫ਼ਤਾਰ

  • Jun 25
  • 2 min read

ਪੰਜਾਬ ਡੈਸਕ: ਇਟਲੀ ਦੇ ਲੋਮਬਾਰਡੀਆ ਸੂਬੇ ਦੇ ਬ੍ਰੇਸ਼ੀਆ ਜ਼ਿਲ੍ਹੇ ਅਧੀਨ ਆਉਂਦੇ ਕੋਂਚੇਸੀਓ ਸ਼ਹਿਰ ਤੋਂ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇੱਥੇ 23 ਸਾਲਾ ਪੰਜਾਬੀ ਨੌਜਵਾਨ ਦੀ ਜੇਲ੍ਹ ਅੰਦਰ ਮੌਤ ਹੋ ਗਈ। ਇਟਾਲੀਅਨ ਮੀਡੀਆ ਰਿਪੋਰਟਾਂ ਮੁਤਾਬਕ ਨੌਜਵਾਨ ਨੂੰ ਐਤਵਾਰ ਨੂੰ ਇੱਕ ਵਾਟਰ ਪਾਰਕ ਵਿੱਚ ਚਾਰ 13 ਸਾਲਾ ਲੜਕੀਆਂ ਨਾਲ ਕਥਿਤ ਜਿਨਸੀ ਛੇੜਛਾੜ ਦੇ ਦੋਸ਼ਾਂ ਤਹਿਤ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਉਹ ਜੇਲ੍ਹ ਦੀ ਕੋਠੜੀ ਵਿੱਚ ਮ੍ਰਿਤਕ ਮਿਲਿਆ।


ਰਿਪੋਰਟਾਂ ਅਨੁਸਾਰ, ਘਟਨਾ ਤੋਂ ਬਾਅਦ ਨੌਜਵਾਨ ਨੂੰ ਵਾਟਰ ਪਾਰਕ ਦੇ ਨੇੜਲੇ ਸ਼ਹਿਰ ਵਿਲਾ ਕਾਰਚੀਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਅਤੇ ਉਸ ਨੂੰ ਕੈਂਟੋਨੇ ਮੋਮਬੈੱਲੋ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਨੇ ਕੁਝ ਸਮੇਂ ਬਾਅਦ ਉਸ ਨੂੰ ਕੋਠੜੀ ਵਿੱਚ ਬੇਹੋਸ਼ ਹਾਲਤ ਵਿੱਚ ਪਾਇਆ। ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਮੌਤ ਹੋ ਚੁੱਕੀ ਸੀ।


ਇਟਲੀ ਦੇ ਬ੍ਰੇਸ਼ੀਆ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਨਾਲ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਉਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਜਾਂਚ ਪੂਰੀ ਹੋਣ ਤੱਕ ਮੌਤ ਦੇ ਕਾਰਨਾਂ ਬਾਰੇ ਕੋਈ ਅਧਿਕਾਰਕ ਨਤੀਜਾ ਸਾਹਮਣੇ ਨਹੀਂ ਆਇਆ ਹੈ।


ਇਟਾਲੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਮ੍ਰਿਤਕ ਨੌਜਵਾਨ ਇਟਲੀ ਵਿੱਚ ਰਾਜਨੀਤਿਕ ਸ਼ਰਨ ਦੇ ਆਧਾਰ 'ਤੇ ਰਹਿ ਰਿਹਾ ਸੀ। ਸ਼ੁਰੂਆਤੀ ਪੜਾਅ ਵਿੱਚ ਇਟਲੀ ਦੀ ਪੁਲਿਸ ਨੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਸੀ।


ਇਸ ਦੌਰਾਨ ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਸੋਨੂ, ਪੁੱਤਰ ਗੁਰਮੀਤ ਸਿੰਘ, ਵਾਸੀ ਪਿੰਡ ਮਿਆਣੀ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਅਨੁਸਾਰ ਸੁਖਵਿੰਦਰ ਸਿੰਘ ਕਰੀਬ ਪੰਜ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਇਟਲੀ ਗਿਆ ਸੀ।


ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਉਹ ਪਰਿਵਾਰ ਦਾ ਭਵਿੱਖ ਸੰਵਾਰ ਸਕੇ। ਉਨ੍ਹਾਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਕੁਝ ਸਮਾਂ ਪਹਿਲਾਂ ਉਸ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਪਰਿਵਾਰ ਪਹਿਲਾਂ ਹੀ ਦੁੱਖ ਵਿੱਚ ਸੀ। ਹੁਣ ਪੁੱਤਰ ਦੀ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਹੈ।


ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇ ਅਤੇ ਮ੍ਰਿਤਕ ਦੀ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਪਿੰਡ ਵਿੱਚ ਵੀ ਇਸ ਘਟਨਾ ਤੋਂ ਬਾਅਦ ਸੋਗ ਦਾ ਮਾਹੌਲ ਹੈ ਅਤੇ ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।


ਫਿਲਹਾਲ ਇਟਲੀ ਦੀ ਪੁਲਿਸ ਅਤੇ ਨਿਆਂਇਕ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਕਥਿਤ ਜਿਨਸੀ ਛੇੜਛਾੜ ਦੇ ਦੋਸ਼ਾਂ ਅਤੇ ਜੇਲ੍ਹ ਵਿੱਚ ਹੋਈ ਮੌਤ ਦੋਵਾਂ ਦੀ ਵੱਖ-ਵੱਖ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਦੀ ਪੂਰੀ ਸਥਿਤੀ ਸਪੱਸ਼ਟ ਹੋ ਸਕੇਗੀ।

 
 
 

Comments


bottom of page