ਚੰਡੀਗੜ੍ਹ ਦੇ ਸੈਕਟਰ-11 ਵਿੱਚ ਦਿਨ ਦਿਹਾੜੇ ਗੋਲੀਆਂ ਦੀ ਵਰਖਾ, 22 ਸਕਿੰਟਾਂ ਵਿੱਚ 13 ਫਾਇਰ ਕਰ ਕੈਸ਼ੀਅਰ ਦਾ ਕਤਲ ਸੀਸੀਟੀਵੀ ਵਿੱਚ ਕੈਦ ਹੋਏ ਹਮਲਾਵਰ, ਗੈਂਗਵਾਰ ਐਂਗਲ 'ਤੇ ਜਾਂਚ ਤੇਜ਼; ਸੈਕਟਰ-3 ਤੋਂ ਬਰਾਮਦ ਹੋਈ ਮੋਟਰਸਾਈਕਲ
- 4 days ago
- 2 min read

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-11 ਵਿੱਚ ਸਥਿਤ ਇੱਕ ਮੈਡੀਕਲ ਸਟੋਰ 'ਤੇ ਹੋਈ ਦਿਨ ਦਿਹਾੜੇ ਫਾਇਰਿੰਗ ਦੀ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਮਲਾਵਰਾਂ ਨੇ ਸਿਰਫ਼ 22 ਸਕਿੰਟਾਂ ਦੇ ਅੰਦਰ 13 ਗੋਲੀਆਂ ਚਲਾ ਕੇ ਕੈਸ਼ੀਅਰ ਜਾਨਕੀ ਦਾਸ ਦੀ ਹੱਤਿਆ ਕਰ ਦਿੱਤੀ। ਇਸ ਸਨਸਨੀਖੇਜ਼ ਕਤਲਕਾਂਡ ਤੋਂ ਬਾਅਦ ਪੁਲਿਸ ਨੇ ਵੱਡੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਘਟਨਾ ਉਸ ਸਮੇਂ ਵਾਪਰੀ ਜਦੋਂ ਦੋ ਮੋਟਰਸਾਈਕਲ ਸਵਾਰ ਹਮਲਾਵਰ ਮੈਡੀਕਲ ਸਟੋਰ ਦੇ ਬਾਹਰ ਪਹੁੰਚੇ ਅਤੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਬਾਰੀ ਦੌਰਾਨ ਕੈਸ਼ੀਅਰ ਜਾਨਕੀ ਦਾਸ ਨੂੰ ਕਈ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਵਿੱਚ ਭਾਰੀ ਸਹਿਮ ਦੇਖਣ ਨੂੰ ਮਿਲਿਆ।
ਪੁਲਿਸ ਜਾਂਚ ਦੌਰਾਨ ਇੱਕ ਹੋਰ ਮਹੱਤਵਪੂਰਨ ਪੱਖ ਵੀ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਮੁਤਾਬਕ ਇਹ ਹਮਲਾ ਸੰਭਵ ਤੌਰ 'ਤੇ ਕਿਸੇ ਹੋਰ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਹੋ ਸਕਦਾ ਹੈ। ਜਾਂਚ ਅਧਿਕਾਰੀਆਂ ਅਨੁਸਾਰ ਨੇੜੇ ਹੀ ਸਥਿਤ "ਕੁਮਾਰ ਬ੍ਰਦਰਜ਼ ਕੈਮਿਸਟ" ਨੂੰ ਪਹਿਲਾਂ ਫਿਰੌਤੀ ਲਈ ਧਮਕੀ ਭਰੀਆਂ ਕਾਲਾਂ ਆ ਚੁੱਕੀਆਂ ਸਨ, ਜਦਕਿ ਜਿਸ ਦੁਕਾਨ 'ਤੇ ਹਮਲਾ ਹੋਇਆ, ਉਸ ਦੇ ਮਾਲਕ ਨੂੰ ਕਿਸੇ ਤਰ੍ਹਾਂ ਦੀ ਧਮਕੀ ਨਹੀਂ ਮਿਲੀ ਸੀ। ਇਸ ਕਾਰਨ ਪੁਲਿਸ ਇਹ ਸੰਭਾਵਨਾ ਵੀ ਖੰਗਾਲ ਰਹੀ ਹੈ ਕਿ ਹਮਲਾਵਰਾਂ ਨੇ ਗਲਤ ਪਛਾਣ ਕਾਰਨ ਗਲਤ ਦੁਕਾਨ 'ਤੇ ਗੋਲੀਆਂ ਚਲਾ ਦਿੱਤੀਆਂ ਹੋਣ।
ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਗੈਂਗ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਦੇ ਦਾਅਵੇ ਵੀ ਸਾਹਮਣੇ ਆਏ ਹਨ। ਕਥਿਤ ਤੌਰ 'ਤੇ ਇੱਕ ਗੈਂਗ ਨੇ ਪੋਸਟ ਜਾਰੀ ਕਰਦਿਆਂ ਕਿਹਾ ਕਿ ਜੋ ਵੀ ਵਿਰੋਧੀ ਗੈਂਗਾਂ ਦੀ ਮਦਦ ਕਰੇਗਾ, ਉਸ ਦਾ ਇਹੀ ਅੰਜਾਮ ਹੋਵੇਗਾ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਨ੍ਹਾਂ ਦਾਵਿਆਂ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਹਰ ਪੱਖ ਤੋਂ ਜਾਂਚ ਜਾਰੀ ਹੈ।
ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਅਹਿਮ ਸੁਰਾਗ ਉਸ ਸਮੇਂ ਮਿਲਿਆ ਜਦੋਂ ਹਮਲਾਵਰਾਂ ਵੱਲੋਂ ਵਰਤੀ ਗਈ ਮੋਟਰਸਾਈਕਲ ਸੈਕਟਰ-3 ਦੇ ਬੋਗਨਵਿਲੀਆ ਪਾਰਕ ਨੇੜੇ ਲਾਵਾਰਿਸ ਹਾਲਤ ਵਿੱਚ ਮਿਲੀ। ਜਾਂਚ ਵਿੱਚ ਸਾਹਮਣੇ ਆਇਆ ਕਿ ਬਾਈਕ 'ਤੇ ਲੱਗੀ ਨੰਬਰ ਪਲੇਟ ਜਾਅਲੀ ਸੀ। ਸੀਸੀਟੀਵੀ ਫੁਟੇਜ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਹਮਲਾਵਰ ਪੀਜੀਆਈ ਵੱਲੋਂ ਬਿਨਾਂ ਹੈਲਮੈਟ ਦੇ ਆਏ ਸਨ ਅਤੇ ਵਾਰਦਾਤ ਤੋਂ ਬਾਅਦ ਸੈਕਟਰ-10 ਅਤੇ 11 ਰਾਹੀਂ ਸੈਕਟਰ-3 ਪਹੁੰਚੇ। ਉੱਥੇ ਬਾਈਕ ਛੱਡ ਕੇ ਉਹ ਮੁੱਲਾਂਪੁਰ ਵੱਲ ਫਰਾਰ ਹੋ ਗਏ।
ਚੰਡੀਗੜ੍ਹ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਦੌਰਾਨ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਵੀ ਵਧਾ ਦਿੱਤੇ ਗਏ ਹਨ ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ।




Comments