top of page

ਜਸਕਰਨ ਸਿੰਘ ਦੇਓਲ ਨੂੰ ਹਾਈਕੋਰਟ ਤੋਂ ਵੱਡਾ ਝਟਕਾFIR ਰੱਦ ਕਰਨ ਅਤੇ ਗ੍ਰਿਫ਼ਤਾਰੀ ’ਤੇ ਰੋਕ ਦੀ ਮੰਗ ਖਾਰਜ, ਪੀੜਤਾ ਦੇ ਪਰਿਵਾਰ ਨੇ ਕੀਤੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ

  • May 29
  • 2 min read

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਦਾਖਾ ਇੰਚਾਰਜ ਅਤੇ ਨਾਬਾਲਿਗ ਲੜਕੀ ਦੇ ਯੌਨ ਸ਼ੋਸ਼ਣ ਮਾਮਲੇ ਵਿੱਚ ਨਾਮਜ਼ਦ ਜਸਕਰਨ ਸਿੰਘ ਦੇਓਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਮੋਹਾਲੀ ਵਿੱਚ ਦਰਜ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਹਾਈਕੋਰਟ ਨੇ ਜਸਕਰਨ ਦੇਓਲ ਵੱਲੋਂ ਦਾਇਰ ਕੀਤੀ ਗਈ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ ਵਿੱਚ ਉਸਨੇ ਆਪਣੀ ਗ੍ਰਿਫ਼ਤਾਰੀ ’ਤੇ ਰੋਕ ਲਗਾਉਣ ਅਤੇ ਆਪਣੇ ਖ਼ਿਲਾਫ਼ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।


ਪੀੜਤ ਲੜਕੀ ਦੇ ਪਿਤਾ ਪਰਮਿੰਦਰ ਸਿੰਘ ਬਿਰਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਕਰਨ ਦੇਓਲ ਨੇ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਮਾਨਯੋਗ ਹਾਈਕੋਰਟ ਅੱਗੇ ਹਰ ਤਰ੍ਹਾਂ ਦੀਆਂ ਦਲੀਲਾਂ ਅਤੇ ਕਾਨੂੰਨੀ ਪੱਖ ਰੱਖੇ ਸਨ। ਮਾਮਲੇ ਦੀ ਵਿਸਥਾਰ ਨਾਲ ਸੁਣਵਾਈ ਕਰਨ ਤੋਂ ਬਾਅਦ ਹਾਈਕੋਰਟ ਨੇ ਸਪੱਸ਼ਟ ਤੌਰ ’ਤੇ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਅਤੇ ਐਫਆਈਆਰ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ।


ਹਾਈਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਿਹਾ ਕਿ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇ। ਇਹ ਮਾਮਲਾ ਮੋਹਾਲੀ ਦੇ ਪੁਲਿਸ ਥਾਣਾ ਮਟੌਰ ਵਿੱਚ ਦਰਜ ਕੇਸ ਨੰਬਰ 73 ਮਿਤੀ 13 ਮਈ 2026 ਨਾਲ ਸੰਬੰਧਿਤ ਹੈ। ਇਸ ਕੇਸ ਵਿੱਚ ਜਸਕਰਨ ਸਿੰਘ ਦੇਓਲ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਅਤੇ ਪੋਕਸੋ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।


ਪੀੜਤ ਲੜਕੀ ਦੇ ਪਿਤਾ ਪਰਮਿੰਦਰ ਸਿੰਘ ਬਿਰਮੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਕਾਲੀ ਦਲ ਨਾਲ ਜੁੜੇ ਕੁਝ ਆਗੂ ਇਸ ਕੇਸ ਨੂੰ “ਝੂਠਾ ਮਾਮਲਾ”, “ਰੱਦ ਹੋਇਆ ਕੇਸ” ਅਤੇ “ਆਰੋਪੀਆਂ ਨੂੰ ਰਾਹਤ” ਵਜੋਂ ਪੇਸ਼ ਕਰ ਰਹੇ ਸਨ। ਪਰ ਹਾਈਕੋਰਟ ਦੇ ਤਾਜ਼ਾ ਫੈਸਲੇ ਨੇ ਇਨ੍ਹਾਂ ਸਾਰੇ ਦਾਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।


ਉਨ੍ਹਾਂ ਕਿਹਾ ਕਿ ਜੇਕਰ ਇਹ ਮਾਮਲਾ ਪਹਿਲਾਂ ਹੀ ਝੂਠਾ ਸੀ ਜਾਂ ਖਾਰਜ ਹੋ ਚੁੱਕਾ ਸੀ, ਤਾਂ ਫਿਰ ਹਾਈਕੋਰਟ ਨੂੰ ਐਫਆਈਆਰ ਰੱਦ ਕਰਨ ਦੀ ਅਰਜ਼ੀ ਕਿਉਂ ਖਾਰਜ ਕਰਨੀ ਪਈ? ਉਨ੍ਹਾਂ ਨੇ ਕਿਹਾ ਕਿ ਹੁਣ ਉਹਨਾਂ ਲੋਕਾਂ ਨੂੰ ਵੀ ਜਵਾਬ ਮਿਲ ਜਾਣਾ ਚਾਹੀਦਾ ਹੈ ਜੋ ਲਗਾਤਾਰ ਇਸ ਮਾਮਲੇ ਨੂੰ ਗਲਤ ਅਤੇ ਖਤਮ ਹੋਇਆ ਦੱਸ ਰਹੇ ਸਨ।


ਪਰਮਿੰਦਰ ਸਿੰਘ ਬਿਰਮੀ ਨੇ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਜਾਂਚ ਏਜੰਸੀਆਂ ਕੋਲੋਂ ਮੰਗ ਕੀਤੀ ਕਿ ਜਸਕਰਨ ਸਿੰਘ ਦੇਓਲ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮਾਮਲੇ ਦੀ ਜਾਂਚ ਨਿਰਪੱਖ, ਪਾਰਦਰਸ਼ੀ ਅਤੇ ਬਿਨਾਂ ਕਿਸੇ ਰਾਜਨੀਤਿਕ ਦਬਾਅ ਤੋਂ ਕੀਤੀ ਜਾਵੇ, ਤਾਂ ਜੋ ਪੀੜਤ ਲੜਕੀ ਨੂੰ ਇਨਸਾਫ਼ ਮਿਲ ਸਕੇ।


ਇਸ ਮਾਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੀ ਚਰਚਾ ਤੇਜ਼ ਹੋ ਗਈ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਤਿੱਖੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਹੁਣ ਸਭ ਦੀ ਨਜ਼ਰ ਪੁਲਿਸ ਦੀ ਅਗਲੀ ਕਾਰਵਾਈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ’ਤੇ ਟਿਕੀ ਹੋਈ ਹੈ।

 
 
 

Comments


bottom of page