ਦੋਰਾਹਾ ਪੁਲਿਸ ਨੇ ਕਥਿਤ ਗੋਲੀਬਾਰੀ ਮਾਮਲੇ ਦੀ ਸੁਲਝਾਈ ਗੁੱਥੀ, ਸਾਜ਼ਿਸ਼ ਰਚਣ ਦੇ ਦੋਸ਼ ਹੇਠ ਇੱਕ ਕਾਬੂ
- Jun 24
- 3 min read

ਦੋਰਾਹਾ : ਪੰਜਾਬ ਸਰਕਾਰ, ਡੀਜੀਪੀ ਪੰਜਾਬ ਅਤੇ ਸੀਨੀਅਰ ਕਪਤਾਨ ਪੁਲਿਸ ਖੰਨਾ ਡਾ. ਦਰਪਣ ਆਹਲੂਵਾਲੀਆ, ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਦੋਰਾਹਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਐਸਪੀ (ਇਨਵੈਸਟੀਗੇਸ਼ਨ) ਪਵਨਜੀਤ ਚੌਧਰੀ, ਡੀਐਸਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਅਤੇ ਥਾਣਾ ਦੋਰਾਹਾ ਦੇ ਮੁਖੀ ਇੰਸਪੈਕਟਰ ਆਕਾਸ਼ ਦੱਤ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇੱਕ ਵਿਅਕਤੀ 'ਤੇ ਗੋਲੀ ਚਲਾਉਣ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਨੇ ਪੂਰੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਪੁਲਿਸ ਅਨੁਸਾਰ ਪਿੰਡ ਸੇਖੇਵਾਲ ਦੇ ਰਹਿਣ ਵਾਲੇ ਜਸਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ 25 ਜਨਵਰੀ 2026 ਨੂੰ ਥਾਣਾ ਦੋਰਾਹਾ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਗਾਇਆ ਸੀ ਕਿ 24 ਜਨਵਰੀ ਨੂੰ ਜਦੋਂ ਉਹ ਆਪਣੀ ਇਨੋਵਾ ਕਾਰ ਨੰਬਰ PB-10-ES-1444 ਵਿੱਚ ਗੁਰਥਲੀ ਪੁਲ ਨੇੜੇ ਮੁੱਖ ਹਾਈਵੇ ਰਾਹੀਂ ਦੋਰਾਹਾ ਤੋਂ ਲੰਘ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਬਾਰੀ ਕੀਤੀ। ਆਪਣੀ ਸ਼ਿਕਾਇਤ ਵਿੱਚ ਉਸ ਨੇ ਜਲੰਧਰ ਦੇ ਰਹਿਣ ਵਾਲੇ ਗੁਨੀਤ ਭਾਟੀਆ ਅਤੇ ਚੰਦਨ ਭਨੋਟ ਦੇ ਨਾਮ ਵੀ ਦਰਜ ਕਰਵਾਏ ਸਨ।
ਮਾਮਲੇ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਪੁਲਿਸ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਜਾਂਚ ਦੌਰਾਨ ਨਾ ਤਾਂ ਮੌਕੇ ਤੋਂ ਕੋਈ ਖਾਲੀ ਖੋਲ ਬਰਾਮਦ ਹੋਇਆ ਅਤੇ ਨਾ ਹੀ ਕਿਸੇ ਚਸ਼ਮਦੀਦ ਗਵਾਹ ਨੇ ਕਥਿਤ ਗੋਲੀਬਾਰੀ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਦੋਰਾਹਾ ਤੋਂ ਲੁਧਿਆਣਾ ਤੱਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ।
ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਇੱਕ ਅਹਿਮ ਤੱਥ ਸਾਹਮਣੇ ਆਇਆ। ਪੁਲਿਸ ਨੂੰ ਪਤਾ ਲੱਗਾ ਕਿ ਦੋਰਾਹਾ ਪਹੁੰਚਣ ਤੋਂ ਪਹਿਲਾਂ ਜਸਵੰਤ ਸਿੰਘ ਚੀਮਾ ਨੇ ਪਿੰਡ ਅਜਨੌਦ ਨੇੜੇ ਇੱਕ ਸੁੰਨਸਾਨ ਥਾਂ 'ਤੇ ਆਪਣੀ ਗੱਡੀ ਰੋਕੀ ਹੋਈ ਸੀ ਅਤੇ ਕੁਝ ਸਮੇਂ ਲਈ ਉੱਥੇ ਖੜ੍ਹਾ ਰਿਹਾ। ਇਸ ਦੌਰਾਨ ਉਸ ਦਾ ਮੋਬਾਈਲ ਫੋਨ ਵੀ ਬੰਦ ਸੀ। ਬਾਅਦ ਵਿੱਚ ਉਹ ਆਪਣੇ ਸਾਥੀ ਲਾਡੀ ਰਾਠੌਰ ਨਾਲ ਮਿਲ ਕੇ ਘਟਨਾ ਦੀ ਜਾਣਕਾਰੀ ਦੇਣ ਲਈ ਥਾਣਾ ਦੋਰਾਹਾ ਪਹੁੰਚਿਆ।
ਜਾਂਚ ਨੂੰ ਹੋਰ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਮੋਬਾਈਲ ਫੋਨਾਂ ਦੀ ਕਾਲ ਡਿਟੇਲ ਅਤੇ ਲੋਕੇਸ਼ਨ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਪਤਾ ਲੱਗਾ ਕਿ ਘਟਨਾ ਵਾਲੇ ਦਿਨ ਲਾਡੀ ਰਾਠੌਰ ਦਾ ਮੋਬਾਈਲ ਫੋਨ ਉਸ ਦੇ ਲੁਧਿਆਣਾ ਸਥਿਤ ਘਰ ਵਿੱਚ ਹੀ ਮੌਜੂਦ ਸੀ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੂੰ ਪੂਰੇ ਮਾਮਲੇ 'ਤੇ ਸ਼ੱਕ ਹੋਇਆ ਅਤੇ ਜਾਂਚ ਦੀ ਦਿਸ਼ਾ ਬਦਲ ਗਈ।
ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਾਲ 2018 ਵਿੱਚ ਜਸਵੰਤ ਸਿੰਘ ਚੀਮਾ ਵੱਲੋਂ ਥਾਣਾ ਸਲੇਮ ਟਾਬਰੀ, ਲੁਧਿਆਣਾ ਵਿੱਚ ਦਰਜ ਕਰਵਾਏ ਗਏ ਇੱਕ ਹੋਰ ਮਾਮਲੇ ਦੀ ਕਹਾਣੀ ਵੀ ਲਗਭਗ ਇਸੇ ਤਰ੍ਹਾਂ ਦੀ ਸੀ। ਉਸ ਕੇਸ ਵਿੱਚ ਨਾਮਜ਼ਦ ਵਿਅਕਤੀ ਰਣਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਦਾਅਵਾ ਕੀਤਾ ਕਿ ਪ੍ਰਾਪਰਟੀ ਵਿਵਾਦ ਕਾਰਨ ਉਸ ਖ਼ਿਲਾਫ਼ ਵੀ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਸੀ।
ਇਸ ਤੋਂ ਬਾਅਦ ਪੁਲਿਸ ਨੇ ਗੁਨੀਤ ਭਾਟੀਆ ਅਤੇ ਚੰਦਨ ਭਨੋਟ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਜਸਵੰਤ ਸਿੰਘ ਚੀਮਾ ਅਤੇ ਉਸ ਦੇ ਸਾਥੀਆਂ ਨੇ ਪ੍ਰਾਪਰਟੀ ਦੇ ਨਾਮ 'ਤੇ ਉਨ੍ਹਾਂ ਤੋਂ ਕਰੋੜਾਂ ਰੁਪਏ ਪ੍ਰਾਪਤ ਕੀਤੇ ਸਨ। ਜਦੋਂ ਉਨ੍ਹਾਂ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਉਨ੍ਹਾਂ ਨੂੰ ਫਸਾਉਣ ਲਈ ਇਹ ਕਥਿਤ ਸਾਜ਼ਿਸ਼ ਰਚੀ ਗਈ। ਉਨ੍ਹਾਂ ਨੇ ਆਪਣੇ ਦਾਵਿਆਂ ਦੇ ਸਮਰਥਨ ਵਿੱਚ ਕਈ ਦਸਤਾਵੇਜ਼ੀ ਸਬੂਤ ਵੀ ਪੁਲਿਸ ਦੇ ਹਵਾਲੇ ਕੀਤੇ।
ਤਕਨੀਕੀ ਸਬੂਤਾਂ, ਸੀਸੀਟੀਵੀ ਫੁਟੇਜ ਅਤੇ ਮੋਬਾਈਲ ਲੋਕੇਸ਼ਨ ਦੇ ਆਧਾਰ 'ਤੇ ਪੁਲਿਸ ਨੇ 17 ਜੂਨ 2026 ਨੂੰ ਨਿਊ ਕੁਲਦੀਪ ਨਗਰ, ਲੁਧਿਆਣਾ ਦੇ ਰਹਿਣ ਵਾਲੇ ਲਾਡੀ ਰਾਠੌਰ ਪੁੱਤਰ ਸੁੱਚਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ 'ਤੇ ਖੁਲਾਸਾ ਕੀਤਾ ਕਿ ਜਸਵੰਤ ਸਿੰਘ ਚੀਮਾ ਅਤੇ ਉਸ ਦੇ ਹੋਰ ਸਾਥੀਆਂ ਨੇ ਪ੍ਰਾਪਰਟੀ ਦੇ ਝੂਠੇ ਸੌਦਿਆਂ ਰਾਹੀਂ ਕਰੋੜਾਂ ਰੁਪਏ ਦੀ ਠੱਗੀ ਕੀਤੀ ਸੀ। ਜਦੋਂ ਪੈਸੇ ਵਾਪਸ ਮੰਗੇ ਗਏ ਤਾਂ ਵਿਰੋਧੀ ਧਿਰ ਨੂੰ ਫਸਾਉਣ ਲਈ 24 ਜਨਵਰੀ 2026 ਨੂੰ ਉਸ ਦੇ ਲਾਇਸੈਂਸੀ .32 ਬੋਰ ਪਿਸਤੌਲ ਨਾਲ ਜਸਵੰਤ ਸਿੰਘ ਚੀਮਾ ਦੀ ਇਨੋਵਾ ਕਾਰ 'ਤੇ ਗੋਲੀ ਚਲਾਈ ਗਈ ਅਤੇ ਬਾਅਦ ਵਿੱਚ ਝੂਠਾ ਕੇਸ ਦਰਜ ਕਰਵਾਇਆ ਗਿਆ।
ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਵਿੱਚ ਵਰਤਿਆ ਗਿਆ .32 ਬੋਰ ਦਾ ਲਾਇਸੈਂਸੀ ਪਿਸਤੌਲ, ਮੈਗਜ਼ੀਨ, ਇੱਕ ਜ਼ਿੰਦਾ ਕਾਰਤੂਸ ਅਤੇ ਇੱਕ ਖਾਲੀ ਖੋਲ ਵੀ ਬਰਾਮਦ ਕਰ ਲਿਆ ਹੈ। ਜਾਂਚ ਦੌਰਾਨ ਇਹ ਸੰਭਾਵਨਾ ਵੀ ਜਤਾਈ ਗਈ ਹੈ ਕਿ ਸਾਲ 2018 ਵਾਲੇ ਮਾਮਲੇ ਵਿੱਚ ਵੀ ਇਸੇ ਤਰ੍ਹਾਂ ਦੀ ਸਾਜ਼ਿਸ਼ ਰਚੀ ਗਈ ਹੋ ਸਕਦੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 308(2), 318(4), 217, 248 ਅਤੇ 61 ਤਹਿਤ ਹੋਰ ਵਾਧਾ ਕਰਦਿਆਂ ਜਸਵੰਤ ਸਿੰਘ ਉਰਫ਼ ਚੀਮਾ ਅਤੇ ਉਸ ਦੇ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ, ਕਾਲ ਡਿਟੇਲ ਰਿਕਾਰਡ ਅਤੇ ਹੋਰ ਤਕਨੀਕੀ ਸਬੂਤਾਂ ਨੇ ਇਸ ਕਥਿਤ ਗੋਲੀਬਾਰੀ ਮਾਮਲੇ ਦੇ ਪਿੱਛੇ ਲੁਕੀ ਸਾਜ਼ਿਸ਼ ਨੂੰ ਬੇਨਕਾਬ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦੋਰਾਹਾ ਪੁਲਿਸ ਦੀ ਇਸ ਕਾਰਵਾਈ ਨੂੰ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਇੱਕ ਕਥਿਤ ਝੂਠੇ ਕੇਸ ਦਾ ਪਰਦਾਫਾਸ਼ ਹੋਇਆ ਹੈ।




Comments