ਬਠਿੰਡਾ: ਡਾ. ਤਰਸੇਮ ਗਰਗ ਦੇ ਕਲੀਨਿਕ 'ਤੇ ਪੈਟਰੋਲ ਬੰਬ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ, ਮੁੱਖ ਮੁਲਜ਼ਮ ਸੰਦੀਪ ਸਿੰਘ ਗ੍ਰਿਫ਼ਤਾਰ

ਬਠਿੰਡਾ: ਭਾਜਪਾ ਆਗੂ, ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਅਤੇ ਪ੍ਰਸਿੱਧ ਹੋਮਿਓਪੈਥਿਕ ਡਾਕਟਰ ਡਾ. ਤਰਸੇਮ ਗਰਗ ਦੇ ਕਲੀਨਿਕ 'ਤੇ ਹੋਏ ਪੈਟਰੋਲ ਬੰਬ ਹਮਲੇ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇਸ ਸਨਸਨੀਖੇਜ਼ ਵਾਰਦਾਤ ਦੇ ਤੀਜੇ ਅਤੇ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਗ੍ਰਿਫ਼ਤਾਰੀ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ, ਪਰ ਭਰੋਸੇਯੋਗ ਸੂਤਰਾਂ ਮੁਤਾਬਕ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਬਠਿੰਡਾ ਸ਼ਹਿਰ ਤੋਂ ਕਾਬੂ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੀਨੀਅਰ ਪੁਲਿਸ ਅਧਿਕਾਰੀ ਜਲਦ ਹੀ ਪ੍ਰੈਸ ਕਾਨਫ਼ਰੰਸ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕਰਨਗੇ।
ਇਸ ਤੋਂ ਪਹਿਲਾਂ ਪੁਲਿਸ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੂਈਆਂ ਸਰਵਰ ਦੇ ਰਹਿਣ ਵਾਲੇ ਨਕੁਲ ਰਾਜਪੂਤ ਅਤੇ ਗੁਰਵਿੰਦਰ ਸਿੰਘ ਉਰਫ਼ ਗੋਲੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ ਦੌਰਾਨ ਇਸ ਮਾਮਲੇ ਵਿੱਚ ਪਾਕਿਸਤਾਨ ਵਿੱਚ ਬੈਠੇ ਕਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਦਾ ਨਾਮ ਵੀ ਸਾਹਮਣੇ ਆਇਆ ਹੈ, ਜਿਸ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਹੁਣ ਇਸ ਹਮਲੇ ਦੇ ਪਿੱਛੇ ਦੀ ਸਾਜ਼ਿਸ਼, ਵਿੱਤੀ ਲੈਣ-ਦੇਣ ਅਤੇ ਸੰਭਾਵਿਤ ਅੰਤਰਰਾਸ਼ਟਰੀ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਪੁਲਿਸ ਜਾਂਚ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਤਿੰਨੇ ਮੁਲਜ਼ਮ ਵਾਰਦਾਤ ਵਾਲੇ ਦਿਨ ਚਾਰ ਵਾਰ ਡਾ. ਤਰਸੇਮ ਗਰਗ ਦੇ ਕਲੀਨਿਕ ਦੇ ਆਲੇ-ਦੁਆਲੇ ਪਹੁੰਚੇ ਸਨ। ਪਹਿਲੀਆਂ ਤਿੰਨ ਕੋਸ਼ਿਸ਼ਾਂ ਦੌਰਾਨ ਇਲਾਕੇ ਵਿੱਚ ਲੋਕਾਂ ਦੀ ਵੱਧ ਆਵਾਜਾਈ ਹੋਣ ਕਾਰਨ ਉਹ ਆਪਣੀ ਯੋਜਨਾ ਨੂੰ ਅੰਜਾਮ ਨਹੀਂ ਦੇ ਸਕੇ। ਹਰ ਵਾਰ ਭੀੜ ਦੇਖ ਕੇ ਉਹ ਵਾਪਸ ਮੁੜ ਗਏ ਅਤੇ ਮੌਕੇ ਦੀ ਤਲਾਸ਼ ਕਰਦੇ ਰਹੇ।
ਜਾਂਚ ਮੁਤਾਬਕ ਸੰਦੀਪ ਸਿੰਘ, ਨਕੁਲ ਰਾਜਪੂਤ ਅਤੇ ਗੁਰਵਿੰਦਰ ਸਿੰਘ ਬੱਸ ਰਾਹੀਂ ਫਾਜ਼ਿਲਕਾ ਤੋਂ ਬਠਿੰਡਾ ਪਹੁੰਚੇ ਸਨ। ਇੱਥੇ ਆ ਕੇ ਉਨ੍ਹਾਂ ਨੇ ਇੱਕ ਆਟੋ ਰਿਕਸ਼ਾ ਕਿਰਾਏ 'ਤੇ ਲਿਆ ਅਤੇ ਦੁਪਹਿਰ ਕਰੀਬ ਢਾਈ ਵਜੇ ਡਾ. ਗਰਗ ਦੇ ਕਲੀਨਿਕ ਦੀ ਰੇਕੀ ਕੀਤੀ। ਪਰ ਉਸ ਸਮੇਂ ਮਰੀਜ਼ਾਂ ਅਤੇ ਹੋਰ ਲੋਕਾਂ ਦੀ ਭੀੜ ਜ਼ਿਆਦਾ ਹੋਣ ਕਾਰਨ ਉਹ ਵਾਪਸ ਚਲੇ ਗਏ। ਇਸ ਤੋਂ ਬਾਅਦ ਸ਼ਾਮ ਤੱਕ ਵੱਖ-ਵੱਖ ਸਮੇਂ ਦੋ ਹੋਰ ਵਾਰ ਕਲੀਨਿਕ ਦੇ ਨੇੜੇ ਪਹੁੰਚੇ, ਪਰ ਹਰ ਵਾਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਵਾਰਦਾਤ ਨੂੰ ਟਾਲ ਦਿੱਤਾ।
ਆਖ਼ਰਕਾਰ ਰਾਤ ਕਰੀਬ 9:45 ਵਜੇ ਤਿੰਨਾਂ ਨੇ ਆਪਣੀ ਯੋਜਨਾ ਨੂੰ ਅੰਜਾਮ ਦਿੱਤਾ। ਪੁਲਿਸ ਅਨੁਸਾਰ ਗੁਰਵਿੰਦਰ ਸਿੰਘ ਉਰਫ਼ ਗੋਲੀ ਨੇ ਕਲੀਨਿਕ ਦੇ ਅੰਦਰ ਪੈਟਰੋਲ ਬੰਬ ਸੁੱਟਿਆ। ਇਸ ਦੌਰਾਨ ਅਚਾਨਕ ਇੱਕ ਵਿਅਕਤੀ ਦੇ ਮੌਕੇ 'ਤੇ ਪਹੁੰਚਣ ਕਾਰਨ ਹਮਲਾਵਰ ਘਬਰਾ ਗਏ ਅਤੇ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਦੂਜਾ ਪੈਟਰੋਲ ਬੰਬ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਏ।
ਪੁਲਿਸ ਨੇ ਮੌਕੇ ਤੋਂ ਮਿਲੇ ਸਬੂਤਾਂ, ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ। ਹੁਣ ਤੱਕ ਤਿੰਨਾਂ ਮੁੱਖ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ, ਜਦਕਿ ਇਸ ਮਾਮਲੇ ਨਾਲ ਜੁੜੇ ਹੋਰ ਸੰਭਾਵਿਤ ਵਿਅਕਤੀਆਂ ਅਤੇ ਸਾਜ਼ਿਸ਼ਕਾਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਵਿਦੇਸ਼ੀ ਗੈਂਗਸਟਰਾਂ ਨਾਲ ਸੰਭਾਵਿਤ ਸੰਪਰਕ, ਫੰਡਿੰਗ ਅਤੇ ਹਮਲੇ ਦੇ ਅਸਲ ਮਕਸਦ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਹੋਰ ਨਾਮ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਨੇ ਬਠਿੰਡਾ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਲੋਕਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।




Comments