top of page

ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ 'ਤੇ ਹੰਗਾਮਾ, 4 ਟਿੱਪਰ ਬਿਨਾਂ ਟੋਲ ਲੰਘਾਉਣ ਤੋਂ ਬਾਅਦ ਗੈਰ-ਕਾਨੂੰਨੀ ਵਸੂਲੀ ਦੇ ਗੰਭੀਰ ਦੋਸ਼

  • Jun 26
  • 2 min read

ਲੁਧਿਆਣਾ: ਨੈਸ਼ਨਲ ਹਾਈਵੇ 'ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ ਹੈ। ਸ਼ਨੀਵਾਰ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇੱਕ ਵਿਅਕਤੀ ਨੇ ਰੇਤ ਨਾਲ ਭਰੇ ਆਪਣੇ ਚਾਰ ਟਿੱਪਰ ਬਿਨਾਂ ਟੋਲ ਫੀਸ ਅਦਾ ਕੀਤੇ ਜ਼ਬਰਦਸਤੀ ਟੋਲ ਪਲਾਜ਼ਾ ਤੋਂ ਲੰਘਾ ਦਿੱਤੇ। ਇਸ ਘਟਨਾ ਤੋਂ ਬਾਅਦ ਟੋਲ ਪ੍ਰਬੰਧਨ ਅਤੇ ਪੁਲਿਸ ਹਰਕਤ ਵਿੱਚ ਆ ਗਈ।


ਟੋਲ ਪਲਾਜ਼ਾ ਦੇ ਮੈਨੇਜਰ ਵਿਪਿਨ ਰਾਏ ਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਥਾਣਾ ਲਾਡੋਵਾਲ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਟਿੱਪਰਾਂ ਨੂੰ ਬਿਨਾਂ ਟੋਲ ਲੰਘਾਉਣ ਵਾਲੇ ਰਸ਼ਪਾਲ ਸਿੰਘ ਬਾਲੀ ਰੰਧਾਵਾ ਨੂੰ ਥਾਣੇ ਵਿੱਚ ਬੁਲਾਇਆ ਗਿਆ। ਪੁਲਿਸ ਦੀ ਮੌਜੂਦਗੀ ਵਿੱਚ ਉਸ ਨੇ ਚਾਰਾਂ ਟਿੱਪਰਾਂ ਦੀ 9,600 ਰੁਪਏ ਟੋਲ ਫੀਸ ਗੂਗਲ ਪੇ ਰਾਹੀਂ ਅਦਾ ਕਰ ਦਿੱਤੀ, ਜਿਸ ਤੋਂ ਬਾਅਦ ਟੋਲ ਫੀਸ ਸਬੰਧੀ ਮਾਮਲਾ ਨਿਪਟਾ ਲਿਆ ਗਿਆ।


ਮੈਨੇਜਰ ਵਿਪਿਨ ਰਾਏ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਇੱਕ ਸਕਾਰਪਿਓ ਗੱਡੀ ਵਿੱਚ ਸਵਾਰ ਵਿਅਕਤੀ ਟੋਲ ਪਲਾਜ਼ਾ 'ਤੇ ਆਇਆ ਅਤੇ ਧੱਕੇਸ਼ਾਹੀ ਕਰਦਿਆਂ ਰੇਤ ਨਾਲ ਭਰੇ ਚਾਰ ਟਿੱਪਰਾਂ ਨੂੰ ਬਿਨਾਂ ਟੋਲ ਦਿੱਤੇ ਲੰਘਾ ਗਿਆ। ਇਸ ਕਾਰਨ ਟੋਲ ਕਰਮਚਾਰੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਬਾਅਦ ਵਿੱਚ ਥਾਣੇ ਵਿੱਚ ਦੋਵਾਂ ਧਿਰਾਂ ਵਿਚਾਲੇ ਟੋਲ ਫੀਸ ਦਾ ਭੁਗਤਾਨ ਕਰਵਾ ਦਿੱਤਾ ਗਿਆ।


ਹਾਲਾਂਕਿ ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ। ਇਸ ਤੋਂ ਬਾਅਦ ਰਸ਼ਪਾਲ ਸਿੰਘ ਬਾਲੀ ਰੰਧਾਵਾ ਨੇ ਟੋਲ ਪਲਾਜ਼ਾ 'ਤੇ ਗੈਰ-ਕਾਨੂੰਨੀ ਵਸੂਲੀ ਦੇ ਗੰਭੀਰ ਦੋਸ਼ ਲਗਾਉਂਦਿਆਂ ਥਾਣਾ ਲਾਡੋਵਾਲ ਵਿੱਚ ਵੱਖਰੀ ਸ਼ਿਕਾਇਤ ਦਰਜ ਕਰਵਾ ਦਿੱਤੀ।


ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਸ਼ਪਾਲ ਸਿੰਘ ਬਾਲੀ ਨੇ ਦੋਸ਼ ਲਗਾਇਆ ਕਿ ਜੇਕਰ ਕੋਈ ਟਿੱਪਰ ਡਰਾਈਵਰ ਨਿਯਮਾਂ ਅਨੁਸਾਰ ਰੇਤ ਜਾਂ ਬਜਰੀ ਨਾਲ ਭਰਿਆ ਟਿੱਪਰ ਟੋਲ ਪਲਾਜ਼ਾ ਤੋਂ ਲੰਘਾਉਂਦਾ ਹੈ ਤਾਂ ਉਸ ਨੂੰ ਲਗਭਗ 3,000 ਰੁਪਏ ਪ੍ਰਤੀ ਟਿੱਪਰ ਟੋਲ ਫੀਸ ਅਦਾ ਕਰਨੀ ਪੈਂਦੀ ਹੈ। ਪਰ ਜੇ ਟੋਲ ਕਰਮਚਾਰੀਆਂ ਨਾਲ "ਸੈਟਿੰਗ" ਕਰ ਲਈ ਜਾਵੇ ਤਾਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈ ਕੇ ਟਿੱਪਰਾਂ ਨੂੰ ਕਥਿਤ ਤੌਰ 'ਤੇ ਗੈਰ-ਰਸਮੀ ਤਰੀਕੇ ਨਾਲ ਲੰਘਾਇਆ ਜਾਂਦਾ ਹੈ।


ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਕਥਿਤ ਗੈਰ-ਕਾਨੂੰਨੀ ਵਸੂਲੀ ਵਿੱਚ ਟੋਲ ਪਲਾਜ਼ਾ ਦੇ ਕੁਝ ਕਰਮਚਾਰੀ ਸ਼ਾਮਲ ਹਨ ਅਤੇ ਇਹ ਰਕਮ ਉਨ੍ਹਾਂ ਦੇ ਨਿੱਜੀ ਗੂਗਲ ਪੇ ਖਾਤਿਆਂ ਵਿੱਚ ਟਰਾਂਸਫਰ ਕਰਵਾਈ ਜਾਂਦੀ ਹੈ। ਇਸ ਭੁਗਤਾਨ ਦੀ ਨਾ ਕੋਈ ਰਸੀਦ ਦਿੱਤੀ ਜਾਂਦੀ ਹੈ ਅਤੇ ਨਾ ਹੀ ਕੋਈ ਸਰਕਾਰੀ ਦਸਤਾਵੇਜ਼, ਜਿਸ ਨਾਲ ਸਰਕਾਰੀ ਰਿਕਾਰਡ ਤੋਂ ਬਾਹਰ ਨਕਦੀ ਇਕੱਠੀ ਕੀਤੀ ਜਾਂਦੀ ਹੈ।


ਰਸ਼ਪਾਲ ਸਿੰਘ ਬਾਲੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਸ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਾ ਹੋਈ ਤਾਂ ਉਹ ਇਸ ਮਾਮਲੇ ਦੀ ਸ਼ਿਕਾਇਤ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ, ਪੰਜਾਬ ਦੇ ਮੁੱਖ ਮੰਤਰੀ, ਡੀਜੀਪੀ ਗੌਰਵ ਯਾਦਵ ਅਤੇ ਵਿਜੀਲੈਂਸ ਬਿਊਰੋ ਕੋਲ ਵੀ ਕਰੇਗਾ।


ਦੂਜੇ ਪਾਸੇ ਲਾਡੋਵਾਲ ਟੋਲ ਪਲਾਜ਼ਾ ਦੇ ਸੀਨੀਅਰ ਮੈਨੇਜਰ ਵਿਪਿਨ ਰਾਏ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਇਹ ਸਾਹਮਣੇ ਆਉਂਦਾ ਹੈ ਕਿ ਕਿਸੇ ਕਰਮਚਾਰੀ ਨੇ ਗੈਰ-ਕਾਨੂੰਨੀ ਢੰਗ ਨਾਲ ਪੈਸੇ ਵਸੂਲੇ ਹਨ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਪ੍ਰਬੰਧਨ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਵਸੂਲੀ ਨੂੰ ਬਰਦਾਸ਼ਤ ਨਹੀਂ ਕਰੇਗਾ।


ਉੱਧਰ, ਥਾਣਾ ਲਾਡੋਵਾਲ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪੁਲਿਸ ਦੋਵਾਂ ਪੱਖਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜੇਕਰ ਜਾਂਚ ਦੌਰਾਨ ਗੈਰ-ਕਾਨੂੰਨੀ ਵਸੂਲੀ ਜਾਂ ਕਿਸੇ ਹੋਰ ਤਰ੍ਹਾਂ ਦੀ ਬੇਨਿਯਮਤਾ ਦੇ ਸਬੂਤ ਮਿਲਦੇ ਹਨ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਹੁਣ ਇਸ ਮਾਮਲੇ 'ਤੇ ਸਭ ਦੀਆਂ ਨਜ਼ਰਾਂ ਪੁਲਿਸ ਅਤੇ ਟੋਲ ਪ੍ਰਬੰਧਨ ਦੀ ਜਾਂਚ 'ਤੇ ਟਿਕੀਆਂ ਹੋਈਆਂ ਹਨ, ਜਿਸ ਨਾਲ ਇਹ ਸਪੱਸ਼ਟ ਹੋ ਸਕੇਗਾ ਕਿ ਲਗਾਏ ਗਏ ਦੋਸ਼ਾਂ ਵਿੱਚ ਕਿੰਨੀ ਸੱਚਾਈ ਹੈ।


 
 
 

Comments


bottom of page