ਸਤਲੁਜ ਦਰਿਆ ਦਾ ਜਲ ਪੱਧਰ 7 ਤੋਂ 8 ਫੁੱਟ ਵਧਿਆ, ਫਿਰੋਜ਼ਪੁਰ ਦੇ ਦਰਿਆ ਕਿਨਾਰੇ ਪਿੰਡਾਂ ਵਿੱਚ ਹੜ੍ਹ ਦਾ ਖ਼ਦਸ਼ਾ
- 4 days ago
- 2 min read

ਫਿਰੋਜ਼ਪੁਰ : ਸੂਬੇ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਪਹਾੜੀ ਇਲਾਕਿਆਂ ਵਿੱਚ ਤੇਜ਼ੀ ਨਾਲ ਪਿਘਲ ਰਹੀ ਬਰਫ਼ ਦਾ ਅਸਰ ਹੁਣ ਪੰਜਾਬ ਦੇ ਮੈਦਾਨੀ ਖੇਤਰਾਂ ਵਿੱਚ ਵੀ ਦਿਖਾਈ ਦੇਣ ਲੱਗ ਪਿਆ ਹੈ। ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਫਿਰੋਜ਼ਪੁਰ ਨਾਲ ਲੱਗਦੇ ਸਤਲੁਜ ਦਰਿਆ ਵਿੱਚ ਵੀ ਪਾਣੀ ਦੀ ਮਾਤਰਾ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸਥਾਨਕ ਲੋਕਾਂ ਅਨੁਸਾਰ ਦਰਿਆ ਦਾ ਜਲ ਪੱਧਰ ਪਿਛਲੇ ਕੁਝ ਦਿਨਾਂ ਦੌਰਾਨ ਕਰੀਬ 7 ਤੋਂ 8 ਫੁੱਟ ਤੱਕ ਵਧ ਗਿਆ ਹੈ, ਜਿਸ ਕਾਰਨ ਦਰਿਆ ਕੰਢੇ ਵੱਸਦੇ ਪਿੰਡਾਂ ਦੇ ਲੋਕਾਂ ਵਿੱਚ ਇੱਕ ਵਾਰ ਫਿਰ ਹੜ੍ਹ ਦਾ ਖ਼ਤਰਾ ਮਹਿਸੂਸ ਕੀਤਾ ਜਾ ਰਿਹਾ ਹੈ।
ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਵਿੱਚ ਆ ਰਹੇ ਲਗਾਤਾਰ ਵਾਧੇ ਨੇ ਉਨ੍ਹਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਖ਼ਾਸ ਕਰਕੇ ਉਹ ਲੋਕ ਜੋ ਦਰਿਆ ਦੇ ਨੇੜਲੇ ਪਿੰਡਾਂ ਵਿੱਚ ਰਹਿੰਦੇ ਹਨ, ਪਿਛਲੇ ਹੜ੍ਹ ਦੌਰਾਨ ਹੋਏ ਨੁਕਸਾਨ ਨੂੰ ਯਾਦ ਕਰਕੇ ਫਿਕਰਮੰਦ ਨਜ਼ਰ ਆ ਰਹੇ ਹਨ।
ਗੌਰਤਲਬ ਹੈ ਕਿ ਪਿਛਲੀ ਵਾਰ ਆਏ ਹੜ੍ਹ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਤਲੁਜ ਦਰਿਆ ਨਾਲ ਲੱਗਦੇ ਕਈ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਸੀ। ਹੜ੍ਹ ਦੇ ਪਾਣੀ ਨੇ ਖੇਤੀਬਾੜੀ ਵਾਲੀ ਜ਼ਮੀਨ, ਘਰਾਂ ਅਤੇ ਹੋਰ ਸੰਪਤੀਆਂ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ। ਕਈ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਸੀ। ਲੋਕ ਅਜੇ ਵੀ ਉਸ ਕੁਦਰਤੀ ਆਫ਼ਤ ਦੇ ਮਾਨਸਿਕ ਅਤੇ ਆਰਥਿਕ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕੇ ਹਨ।
ਹੁਣ ਇੱਕ ਵਾਰ ਫਿਰ ਸਤਲੁਜ ਦਰਿਆ ਦੇ ਵਧਦੇ ਜਲ ਪੱਧਰ ਨੇ ਲੋਕਾਂ ਦੀਆਂ ਚਿੰਤਾਵਾਂ ਨੂੰ ਤਾਜ਼ਾ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦਾ ਪੱਧਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ। ਇਸ ਲਈ ਉਹ ਪ੍ਰਸ਼ਾਸਨ ਤੋਂ ਲਗਾਤਾਰ ਨਿਗਰਾਨੀ ਅਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ, ਫਿਰੋਜ਼ਪੁਰ ਦੇ ਬਸਤੀ ਰਾਮ ਲਾਲ ਇਲਾਕੇ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਸੁਰੱਖਿਆ ਬੰਨ੍ਹ ਬਣਾਉਣ ਦਾ ਕੰਮ ਕਰ ਰਹੀ United Sikh Mission ਨੂੰ ਵੀ ਵਧਦੇ ਪਾਣੀ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਦਰਿਆ ਕਿਨਾਰੇ ਬੰਨ੍ਹ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ, ਪਰ ਪਾਣੀ ਦੇ ਵਧਦੇ ਪੱਧਰ ਕਾਰਨ ਕੰਮ ਦੀ ਰਫ਼ਤਾਰ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪਾਣੀ ਵਿੱਚ ਪੱਥਰ ਸੁੱਟਦੇ ਹਨ ਤਾਂ ਤੇਜ਼ ਵਹਾਅ ਅਤੇ ਡੂੰਘੇ ਪਾਣੀ ਕਾਰਨ ਇਹ ਵੀ ਨਹੀਂ ਪਤਾ ਲੱਗਦਾ ਕਿ ਪੱਥਰ ਕਿੱਥੇ ਜਾ ਰਹੇ ਹਨ। ਇਸ ਕਾਰਨ ਬੰਨ੍ਹ ਨਿਰਮਾਣ ਦੇ ਕੰਮ ਵਿੱਚ ਤਕਨੀਕੀ ਅਤੇ ਪ੍ਰਯੋਗਿਕ ਦੋਵੇਂ ਤਰ੍ਹਾਂ ਦੀਆਂ ਰੁਕਾਵਟਾਂ ਆ ਰਹੀਆਂ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤਾਂ 'ਤੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਪਹਾੜੀ ਇਲਾਕਿਆਂ ਵਿੱਚ ਬਰਫ਼ ਪਿਘਲਣ ਦੀ ਰਫ਼ਤਾਰ ਹੋਰ ਵਧਦੀ ਹੈ ਜਾਂ ਮਾਨਸੂਨ ਦੀਆਂ ਬਾਰਸ਼ਾਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਸਤਲੁਜ ਦਰਿਆ ਦਾ ਜਲ ਪੱਧਰ ਹੋਰ ਵੀ ਵਧ ਸਕਦਾ ਹੈ। ਫਿਲਹਾਲ ਪ੍ਰਸ਼ਾਸਨ ਅਤੇ ਸਥਾਨਕ ਲੋਕ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ ਅਤੇ ਕਿਸੇ ਵੀ ਸੰਭਾਵਿਤ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।




Comments