top of page

ਸਤਲੁਜ ਦਰਿਆ ਦਾ ਜਲ ਪੱਧਰ ਵਧਿਆ, ਲੋਕਾਂ ਵਿੱਚ ਹੜ੍ਹ ਦਾ ਖ਼ਦਸ਼ਾ; ਅਧਿਕਾਰੀਆਂ ਨੇ ਕਿਹਾ- ਘਬਰਾਉਣ ਦੀ ਲੋੜ ਨਹੀਂ

  • 6 days ago
  • 2 min read


ਲੁਧਿਆਣਾ : ਸਤਲੁਜ ਦਰਿਆ ਵਿੱਚ ਪਾਣੀ ਦੇ ਜਲ ਪੱਧਰ ਵਿੱਚ ਵਾਧਾ ਹੋਣ ਕਾਰਨ ਦਰਿਆ ਕੰਢੇ ਵੱਸਦੇ ਇਲਾਕਿਆਂ ਦੇ ਲੋਕਾਂ ਵਿੱਚ ਇੱਕ ਵਾਰ ਫਿਰ ਹੜ੍ਹ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਪਿਛਲੇ ਸਾਲ ਸਤਲੁਜ ਦਰਿਆ ਵਿੱਚ ਪਾਣੀ ਦੇ ਵੱਧ ਜਾਣ ਕਾਰਨ ਕਈ ਥਾਵਾਂ 'ਤੇ ਧੁੱਸੀ ਬੰਨ੍ਹਾਂ ਦੇ ਨਾਜ਼ੁਕ ਪੁਆਇੰਟਾਂ ਉੱਤੇ ਖ਼ਤਰਾ ਬਣ ਗਿਆ ਸੀ, ਜਿਸ ਦੀਆਂ ਯਾਦਾਂ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ। ਇਸ ਵਾਰ ਵੀ ਜਿਵੇਂ ਹੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ, ਲੋਕਾਂ ਨੇ ਸੰਭਾਵਿਤ ਖ਼ਤਰੇ ਨੂੰ ਲੈ ਕੇ ਚਿੰਤਾ ਜਤਾਉਣੀ ਸ਼ੁਰੂ ਕਰ ਦਿੱਤੀ।


ਜਾਣਕਾਰੀ ਮੁਤਾਬਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਡੈਮ ਤੋਂ ਨਿਯਮਤ ਤੌਰ 'ਤੇ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨੂੰ ਰੋਪੜ ਹੈੱਡਵਰਕਸ ਰਾਹੀਂ ਸਤਲੁਜ ਦਰਿਆ ਵਿੱਚ ਭੇਜਿਆ ਗਿਆ, ਜਿਸ ਤੋਂ ਬਾਅਦ ਦਰਿਆ ਦੇ ਕੁਝ ਹਿੱਸਿਆਂ ਵਿੱਚ ਪਾਣੀ ਦਾ ਪੱਧਰ ਵਧਦਾ ਦਿਖਾਈ ਦਿੱਤਾ। ਇਸ ਨਾਲ ਇਲਾਕੇ ਦੇ ਲੋਕਾਂ ਵਿੱਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਕਈ ਲੋਕਾਂ ਨੇ ਹੜ੍ਹ ਦੀ ਸੰਭਾਵਨਾ ਬਾਰੇ ਚਿੰਤਾ ਜਤਾਈ।


ਦੂਜੇ ਪਾਸੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੇ ਸਥਿਤੀ ਨੂੰ ਪੂਰੀ ਤਰ੍ਹਾਂ ਆਮ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਵਿੱਚ ਇਸ ਸਮੇਂ ਕੋਈ ਵੀ ਖ਼ਤਰਨਾਕ ਸਥਿਤੀ ਨਹੀਂ ਹੈ ਅਤੇ ਪਾਣੀ ਨਿਯੰਤਰਿਤ ਮਾਤਰਾ ਵਿੱਚ ਹੀ ਛੱਡਿਆ ਜਾ ਰਿਹਾ ਹੈ। ਅਧਿਕਾਰੀਆਂ ਦੇ ਅਨੁਸਾਰ ਸ਼ਨੀਵਾਰ ਨੂੰ ਸਤਲੁਜ ਦਰਿਆ ਵਿੱਚ ਲਗਭਗ 5,500 ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਦਕਿ ਐਤਵਾਰ ਨੂੰ ਇਹ ਮਾਤਰਾ ਕਰੀਬ 3,000 ਕਿਊਸਿਕ ਰਹੀ।


ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਭਾਖੜਾ ਡੈਮ ਦਾ ਜਲ ਪੱਧਰ 1574 ਫੁੱਟ ਦੇ ਕਰੀਬ ਹੈ, ਪਰ ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਵਾਲੀ ਸਥਿਤੀ ਨਹੀਂ ਬਣੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਰਿਆ ਵਿੱਚ ਪਾਣੀ ਵੱਧ ਦਿਖਾਈ ਦੇਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਸਮੇਂ ਪਾਣੀ ਦਰਿਆ ਦੇ ਇੱਕ ਪਾਸੇ ਵੱਧ ਵਹਿ ਰਿਹਾ ਹੈ। ਦਰਿਆ ਦੇ ਇੱਕ ਹਿੱਸੇ ਦਾ ਪੱਧਰ ਨੀਵਾਂ ਹੈ ਜਦਕਿ ਦੂਜੇ ਪਾਸੇ ਪਾਣੀ ਉੱਚੇ ਪੱਧਰ 'ਤੇ ਵਗ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪਾਣੀ ਦਾ ਜਲ ਪੱਧਰ ਆਮ ਨਾਲੋਂ ਵੱਧ ਮਹਿਸੂਸ ਹੋ ਰਿਹਾ ਹੈ।


ਡਰੇਨ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਹੋਣ ਵਾਲੀ ਹੈ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦੀ ਮਾਤਰਾ ਹੌਲੀ-ਹੌਲੀ ਵਧ ਸਕਦੀ ਹੈ। ਹਾਲਾਂਕਿ ਮੌਜੂਦਾ ਹਾਲਾਤਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਹੜ੍ਹ ਦੀ ਸੰਭਾਵਨਾ ਨਹੀਂ ਹੈ।

ਅਧਿਕਾਰੀਆਂ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸਰਕਾਰੀ ਜਾਣਕਾਰੀ 'ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਤੋਂ ਬਾਅਦ ਮਾਨਸੂਨ ਦੀ ਸਥਿਤੀ ਅਤੇ ਡੈਮਾਂ ਵਿੱਚ ਪਾਣੀ ਦੇ ਪੱਧਰ ਦੇ ਆਧਾਰ 'ਤੇ ਦਰਿਆ ਦੀ ਸਥਿਤੀ ਹੋਰ ਸਪੱਸ਼ਟ ਹੋਵੇਗੀ। ਫਿਲਹਾਲ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਪ੍ਰਸ਼ਾਸਨ ਹਰ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ।


 
 
 

Comments


bottom of page